National Highways Authority of India (NHAI) ਨੇ ਸਖ਼ਤ ਕਦਮ ਚੁੱਕਦੇ ਹੋਏ Theme Engineering Services ਅਤੇ Ishita Info Solutions ਨੂੰ ਅਗਲੇ **2 ਸਾਲਾਂ** ਲਈ ਨਵੇਂ ਟੈਂਡਰ ਭਰਨ ਤੋਂ ਬੈਨ ਕਰ ਦਿੱਤਾ ਹੈ। ਇਹ ਫੈਸਲਾ ਸੜਕ ਨਿਰਮਾਣ ਪ੍ਰੋਜੈਕਟਾਂ ਵਿੱਚ ਘਟੀਆ ਕੁਆਲਿਟੀ ਅਤੇ ਲਾਪਰਵਾਹੀ ਦੇ ਮਾਮਲਿਆਂ ਤੋਂ ਬਾਅਦ ਲਿਆ ਗਿਆ ਹੈ।
NHAI ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਇਨ੍ਹਾਂ ਦੋਵਾਂ ਕੰਪਨੀਆਂ ਦੀ ਕਾਰਗੁਜ਼ਾਰੀ ਬੇਹੱਦ ਖਰਾਬ ਪਾਈ ਗਈ ਹੈ। ਬਤੌਰ 'ਇੰਡੀਪੈਂਡੈਂਟ ਇੰਜੀਨੀਅਰ' ਇਹਨਾਂ ਕੰਪਨੀਆਂ ਦੀ ਜ਼ਿੰਮੇਵਾਰੀ ਸੜਕਾਂ ਦੇ ਨਿਰਮਾਣ ਦੀ ਕੁਆਲਿਟੀ, ਸੁਰੱਖਿਆ ਅਤੇ ਮਿਆਰਾਂ ਦੀ ਜਾਂਚ ਕਰਨਾ ਸੀ, ਪਰ ਇਹ ਅਥਾਰਟੀ ਦੀਆਂ ਉਮੀਦਾਂ 'ਤੇ ਖਰੀਆਂ ਨਹੀਂ ਉਤਰੀਆਂ।
ਨਿਗਰਾਨੀ ਵਿੱਚ ਗੰਭੀਰ ਲਾਪਰਵਾਹੀ
ਅਥਾਰਟੀ ਮੁਤਾਬਕ, ਇਹਨਾਂ ਫਰਮਾਂ ਨੇ ਹਾਈਵੇਅ ਦੇ ਮੁੱਖ ਹਿੱਸਿਆਂ ਜਿਵੇਂ ਕਿ ਪੇਵਮੈਂਟ ਕੰਸਟ੍ਰਕਸ਼ਨ, ਡਰੇਨੇਜ ਸਿਸਟਮ ਅਤੇ ਜ਼ਮੀਨੀ ਸਥਿਰਤਾ ਦੀ ਨਿਗਰਾਨੀ ਕਰਨ ਵਿੱਚ ਵੱਡੀਆਂ ਖਾਮੀਆਂ ਵਰਤੀਆਂ ਹਨ। ਇਹ ਸਾਰੇ ਪਹਿਲੂ ਸੜਕਾਂ ਦੀ ਲੰਬੀ ਉਮਰ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।
ਮੌਜੂਦਾ ਪ੍ਰੋਜੈਕਟਾਂ 'ਤੇ ਕੀ ਅਸਰ ਪਵੇਗਾ?
ਭਾਵੇਂ ਇਹ ਕੰਪਨੀਆਂ ਹੁਣ ਨਵੀਂ ਬੋਲੀ ਨਹੀਂ ਲਗਾ ਸਕਣਗੀਆਂ, ਪਰ ਇਹਨਾਂ ਨੂੰ ਆਪਣੇ ਚੱਲ ਰਹੇ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। NHAI ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਚੱਲ ਰਹੇ ਕੰਮਾਂ ਵਿੱਚ ਵੀ ਕੁਆਲਿਟੀ ਦੇ ਮਿਆਰ ਪੂਰੇ ਨਹੀਂ ਕੀਤੇ ਗਏ, ਤਾਂ ਕੰਪਨੀਆਂ ਵਿਰੁੱਧ ਹੋਰ ਕਾਨੂੰਨੀ ਅਤੇ ਵਿੱਤੀ ਕਾਰਵਾਈ ਕੀਤੀ ਜਾਵੇਗੀ। ਇਹ ਕਦਮ ਇਨਫਰਾਸਟ੍ਰਕਚਰ ਖੇਤਰ ਵਿੱਚ ਕੰਮ ਕਰ ਰਹੀਆਂ ਹੋਰ ਕੰਪਨੀਆਂ ਲਈ ਇੱਕ ਸਖ਼ਤ ਚੇਤਾਵਨੀ ਹੈ ਕਿ ਕੁਆਲਿਟੀ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
