SEBI ਨੇ ਹੁਣ ਨਿਵੇਸ਼ਕਾਂ ਲਈ ਵੱਡਾ ਐਲਾਨ ਕੀਤਾ ਹੈ। ਰੈਗੂਲੇਟਰ ਨੇ Digital India BHASHINI ਨਾਲ ਹੱਥ ਮਿਲਾਇਆ ਹੈ, ਜਿਸ ਨਾਲ ਮਾਰਕੀਟ ਅਪਡੇਟਸ ਅਤੇ ਨਿਯਮ ਹੁਣ ਆਮ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਖੇਤਰੀ ਭਾਸ਼ਾ ਵਿੱਚ ਮਿਲ ਸਕਣਗੇ।
ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ SEBI ਨੇ ਇੱਕ ਅਹਿਮ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸਦਾ ਮੁੱਖ ਮਕਸਦ ਕੈਪੀਟਲ ਮਾਰਕੀਟ ਦੀ ਜਾਣਕਾਰੀ ਨੂੰ ਆਮ ਨਿਵੇਸ਼ਕਾਂ ਤੱਕ ਸੌਖੀ ਭਾਸ਼ਾ ਵਿੱਚ ਪਹੁੰਚਾਉਣਾ ਹੈ। ਇਸ ਪਹਿਲਕਦਮੀ ਰਾਹੀਂ ਹੁਣ ਗੁੰਝਲਦਾਰ ਵਿੱਤੀ ਨਿਯਮ ਅਤੇ ਸਰਕੂਲਰ ਸਿਰਫ ਅੰਗਰੇਜ਼ੀ ਤੱਕ ਸੀਮਤ ਨਹੀਂ ਰਹਿਣਗੇ।
AI ਦੀ ਮਦਦ ਨਾਲ ਹੋਵੇਗਾ ਅਨੁਵਾਦ
ਇਸ ਪ੍ਰੋਜੈਕਟ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵੱਡੀ ਭੂਮਿਕਾ ਹੋਵੇਗੀ। BHASHINI ਦੇ ਪਲੇਟਫਾਰਮ ਰਾਹੀਂ ਟੈਕਸਟ-ਟੂ-ਸਪੀਚ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਮਾਡਲ ਵਿੱਤੀ ਸ਼ਬਦਾਵਲੀ (Financial Terminology) ਨੂੰ ਸਹੀ ਤਰ੍ਹਾਂ ਸਮਝਣ ਲਈ ਟ੍ਰੇਨ ਕੀਤੇ ਜਾਣਗੇ, ਤਾਂ ਜੋ ਅਨੁਵਾਦ ਵਿੱਚ ਕੋਈ ਗਲਤੀ ਨਾ ਹੋਵੇ ਅਤੇ ਨਿਵੇਸ਼ਕਾਂ ਵਿੱਚ ਕੋਈ ਭੰਬਲਭੂਸਾ ਨਾ ਪੈਦਾ ਹੋਵੇ।
ਨਿਵੇਸ਼ਕਾਂ ਨੂੰ ਕੀ ਹੋਵੇਗਾ ਫਾਇਦਾ?
ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਆ ਰਹੇ ਨਵੇਂ ਨਿਵੇਸ਼ਕਾਂ ਲਈ ਇਹ ਇੱਕ ਵੱਡੀ ਰਾਹਤ ਹੈ। ਹੁਣ ਇਨਵੈਸਟਰ ਪ੍ਰੋਟੈਕਸ਼ਨ ਗਾਈਡਲਾਈਨਜ਼ ਅਤੇ ਮਾਰਕੀਟ ਦੇ ਨਿਯਮਾਂ ਨੂੰ ਆਪਣੀ ਮਾਂ-ਬੋਲੀ ਵਿੱਚ ਸਮਝਣਾ ਸੰਭਵ ਹੋਵੇਗਾ, ਜਿਸ ਨਾਲ ਵਿੱਤੀ ਸਾਖਰਤਾ (Financial Literacy) ਵਿੱਚ ਵੀ ਵਾਧਾ ਹੋਵੇਗਾ। ਹਾਲਾਂਕਿ, ਤਕਨੀਕੀ ਟੀਮਾਂ ਅਨੁਵਾਦ ਦੀ ਸ਼ੁੱਧਤਾ ਅਤੇ ਡਾਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ।
