Morgan Stanley ਦੀ ਨਵੀਂ ਰਿਸਰਚ ਮੁਤਾਬਕ, ਭਾਰਤੀ IT ਕੰਪਨੀਆਂ ਲਈ AI ਨਾਲੋਂ ਕਿਤੇ ਵੱਡਾ ਅਤੇ ਤੁਰੰਤ ਖ਼ਤਰਾ 'Global Capability Centres' (GCC) ਦਾ ਵਧਦਾ ਪ੍ਰਭਾਵ ਹੈ। ਮਾਰਕੀਟ ਭਾਵੇਂ AI ਦੇ ਰੌਲੇ ਵਿੱਚ ਉਲਝੀ ਹੋਈ ਹੈ, ਪਰ ਅਸਲ ਵਿੱਚ ਕੰਪਨੀਆਂ ਹੁਣ ਆਪਣਾ ਕੰਮ ਆਊਟਸੋਰਸ ਕਰਨ ਦੀ ਬਜਾਏ ਭਾਰਤ ਵਿੱਚ ਹੀ ਆਪਣੇ ਇਨ-ਹਾਊਸ ਸੈਂਟਰ ਖੋਲ੍ਹ ਰਹੀਆਂ ਹਨ।
ਬਾਜ਼ਾਰ ਵਿੱਚ ਇਸ ਸਮੇਂ Artificial Intelligence (AI) ਦਾ ਕਾਫੀ ਡਰ ਹੈ ਕਿ ਇਹ IT ਸੈਕਟਰ ਨੂੰ ਤਬਾਹ ਕਰ ਦੇਵੇਗਾ। ਪਰ Morgan Stanley ਦਾ ਮੰਨਣਾ ਹੈ ਕਿ ਕੰਪਨੀਆਂ ਦੇ ਵਿੱਤੀ ਨਤੀਜਿਆਂ ਵਿੱਚ ਅਜੇ ਤੱਕ AI ਦਾ ਕੋਈ ਮਾੜਾ ਅਸਰ ਨਜ਼ਰ ਨਹੀਂ ਆਇਆ। ਅਸਲ ਚੁਣੌਤੀ GCC ਭਾਵ 'Global Capability Centres' ਤੋਂ ਹੈ।
GCC ਕੀ ਹੈ ਅਤੇ ਇਹ ਕਿਉਂ ਡਰਾਉਣਾ ਹੈ?
ਪਹਿਲਾਂ ਵੱਡੀਆਂ ਵਿਦੇਸ਼ੀ ਕੰਪਨੀਆਂ ਆਪਣਾ IT ਅਤੇ ਟੈਕਨੀਕਲ ਕੰਮ ਭਾਰਤੀ IT ਸਰਵਿਸ ਕੰਪਨੀਆਂ ਨੂੰ ਦਿੰਦੀਆਂ ਸਨ। ਹੁਣ ਇਹ ਕੰਪਨੀਆਂ ਖੁਦ ਭਾਰਤ ਵਿੱਚ ਆਪਣੇ ਸੈਂਟਰ (GCC) ਖੋਲ੍ਹ ਰਹੀਆਂ ਹਨ। ਇਸ ਨਾਲ ਉਹ ਵਿਚੋਲੇ (Third-party vendor) ਨੂੰ ਬਾਹਰ ਕਰ ਰਹੀਆਂ ਹਨ, ਜਿਸ ਨਾਲ IT ਕੰਪਨੀਆਂ ਦੇ ਹੱਥੋਂ ਉੱਚ-ਮੁੱਲ (High-value) ਵਾਲੇ ਪ੍ਰੋਜੈਕਟ ਨਿਕਲ ਰਹੇ ਹਨ।
ਮਾਹਰਾਂ ਦੀ ਰਾਏ
Morgan Stanley India ਦੇ ਰਿਧਮ ਦੇਸਾਈ ਮੁਤਾਬਕ, ਟੈਕ ਸਟਾਕਸ ਵਿੱਚ ਮੌਜੂਦਾ ਹਲਚਲ ਸਿਰਫ ਡਰ 'ਤੇ ਆਧਾਰਿਤ ਹੈ, ਨਾ ਕਿ ਅਸਲ ਆਮਦਨ ਵਿੱਚ ਗਿਰਾਵਟ 'ਤੇ। ਉਧਰ, 3P Investment Managers ਦੇ ਪ੍ਰਸ਼ਾਂਤ ਜੈਨ ਦਾ ਕਹਿਣਾ ਹੈ ਕਿ IT ਸੈਕਟਰ ਵਿੱਚ ਲਗਭਗ 70 ਲੱਖ ਲੋਕ ਕੰਮ ਕਰਦੇ ਹਨ, ਜੋ ਕਿ ਭਾਰਤ ਦੇ ਕੁੱਲ ਲੇਬਰ ਮਾਰਕੀਟ ਦਾ ਇੱਕ ਛੋਟਾ ਹਿੱਸਾ ਹੈ। ਇਸ ਲਈ ਜੇਕਰ ਕੋਈ ਬਦਲਾਅ ਆਉਂਦਾ ਵੀ ਹੈ, ਤਾਂ ਰਾਸ਼ਟਰੀ ਪੱਧਰ 'ਤੇ ਆਰਥਿਕ ਝਟਕਾ ਲੱਗਣ ਦੀ ਸੰਭਾਵਨਾ ਘੱਟ ਹੈ।
ਨਿਵੇਸ਼ਕਾਂ ਲਈ ਕੀ ਹੈ ਸਬਕ?
ਅਸਲੀ ਚਿੰਤਾ ਇਹ ਹੈ ਕਿ ਕੀ IT ਕੰਪਨੀਆਂ ਆਪਣੀ 'Pricing Power' ਬਰਕਰਾਰ ਰੱਖ ਸਕਣਗੀਆਂ। ਜਿਵੇਂ-ਜਿਵੇਂ ਮੱਧਮ ਆਕਾਰ ਦੀਆਂ ਕੰਪਨੀਆਂ ਵੀ GCC ਮਾਡਲ ਅਪਣਾਉਣਗੀਆਂ, ਭਾਰਤੀ IT ਫਰਮਾਂ ਲਈ ਆਪਣੇ ਗਾਹਕਾਂ ਨੂੰ ਬਚਾ ਕੇ ਰੱਖਣਾ ਔਖਾ ਹੋ ਜਾਵੇਗਾ। ਆਉਣ ਵਾਲੀਆਂ ਤਿਮਾਹੀਆਂ ਦੇ ਨਤੀਜੇ ਹੀ ਤੈਅ ਕਰਨਗੇ ਕਿ ਇਸ ਬਦਲਾਅ ਨਾਲ IT ਸੈਕਟਰ ਦੀ ਗ੍ਰੋਥ 'ਤੇ ਕਿੰਨਾ ਕੁ ਅਸਰ ਪੈਂਦਾ ਹੈ।
