ING ਦੇ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ 2027 ਤੱਕ ਵਿਆਜ ਦਰਾਂ ਨੂੰ ਸਥਿਰ ਰੱਖੇਗਾ ਕਿਉਂਕਿ ਅਮਰੀਕਾ 'ਚ ਨੌਕਰੀਆਂ ਦੇ ਵਾਧੇ 'ਚ ਗਿਰਾਵਟ ਆਈ ਹੈ। ਦੂਜੇ ਪਾਸੇ, ਜਾਪਾਨ 'ਤੇ ਸਤੰਬਰ 'ਚ ਦਰਾਂ ਵਧਾਉਣ ਦਾ ਦਬਾਅ ਹੈ ਕਿਉਂਕਿ ਥੋਕ ਮਹਿੰਗਾਈ 7.2% 'ਤੇ ਪਹੁੰਚ ਗਈ ਹੈ ਅਤੇ ਯੇਨ ਡਾਲਰ ਦੇ ਮੁਕਾਬਲੇ 160 ਦੇ ਨੇੜੇ ਬਣਿਆ ਹੋਇਆ ਹੈ। ਇਹ ਕਦਮ ਗਲੋਬਲ ਯੇਨ-ਫੰਡਿਡ ਕੈਰੀ ਟਰੇਡ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਵਿਆਜ ਦਰਾਂ 'ਤੇ ਨਵੇਂ ਸੰਕੇਤ
ਦੁਨੀਆ ਭਰ ਦੀਆਂ ਵਿਆਜ ਦਰਾਂ ਨੂੰ ਲੈ ਕੇ ਨਵੇਂ ਸੰਕੇਤ ਮਿਲ ਰਹੇ ਹਨ। ਅਮਰੀਕੀ ਫੈਡਰਲ ਰਿਜ਼ਰਵ (Fed) ਨੇ ਦਰਾਂ ਨੂੰ ਲੰਬੇ ਸਮੇਂ ਤੱਕ ਸਥਿਰ ਰੱਖਣ ਦਾ ਇਸ਼ਾਰਾ ਕੀਤਾ ਹੈ, ਜਦੋਂ ਕਿ ਜਾਪਾਨ ਆਪਣੀ ਮੌਦੂਦਾ ਮੁਦਰਾ ਨੀਤੀ 'ਚ ਬਦਲਾਅ ਕਰਨ 'ਤੇ ਵਿਚਾਰ ਕਰ ਰਿਹਾ ਹੈ। ING ਦੇ ਚੀਫ ਇੰਟਰਨੈਸ਼ਨਲ ਇਕਨਾਮਿਸਟ ਜੇਮਸ ਨਾਈਟਲੀ ਨੇ ਕਿਹਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ 2027 ਤੱਕ ਵਿਆਜ ਦਰਾਂ ਨੂੰ ਕੋਈ ਬਦਲਾਅ ਕੀਤੇ ਬਿਨਾਂ ਸਥਿਰ ਰੱਖ ਸਕਦਾ ਹੈ। ਇਹ ਅਨੁਮਾਨ ਅਮਰੀਕਾ ਦੇ ਰੋਜ਼ਗਾਰ ਦੇ ਅੰਕੜਿਆਂ 'ਚ ਆਈ ਕਮਜ਼ੋਰੀ ਅਤੇ ਮਹਿੰਗਾਈ ਦੇ ਆਮ ਅਨੁਮਾਨਾਂ ਮੁਤਾਬਕ ਰਹਿਣ ਕਾਰਨ ਲਗਾਇਆ ਜਾ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਹਾਲ ਦੀ ਘੜੀ ਹੋਰ ਸਖ਼ਤੀ ਦੀ ਲੋੜ ਨਹੀਂ ਹੈ।
ਜਾਪਾਨ 'ਚ ਦਰਾਂ ਵਧਣ ਦੀ ਸੰਭਾਵਨਾ
ਇਕ ਪਾਸੇ ਜਿੱਥੇ ਅਮਰੀਕਾ ਦੀ Fed ਸਥਿਰ ਨਜ਼ਰ ਆ ਰਹੀ ਹੈ, ਉੱਥੇ ਦੂਜੇ ਪਾਸੇ ਬੈਂਕ ਆਫ ਜਾਪਾਨ (BOJ) 'ਤੇ ਆਪਣੀ ਮੁਦਰਾ ਨੀਤੀ 'ਚ ਬਦਲਾਅ ਕਰਨ ਦਾ ਦਬਾਅ ਵੱਧ ਰਿਹਾ ਹੈ। ਬੈਂਕ ਆਫ ਜਾਪਾਨ ਦੇ ਗਵਰਨਰ ਕਾਜ਼ੂਓ ਉਏਡਾ ਨੇ ਸਤੰਬਰ 'ਚ ਵਿਆਜ ਦਰਾਂ 'ਚ ਵਾਧੇ ਦਾ ਸੰਕੇਤ ਦਿੱਤਾ ਹੈ। ਇਸ ਕਦਮ ਦੀ ਜ਼ਰੂਰਤ ਥੋਕ ਮਹਿੰਗਾਈ ਕਾਰਨ ਹੈ, ਜੋ ਜੁਲਾਈ 'ਚ 7.2% ਰਿਪੋਰਟ ਕੀਤੀ ਗਈ ਸੀ। ਨਾਲ ਹੀ, ਜਾਪਾਨੀ ਯੇਨ ਦੀ ਲਗਾਤਾਰ ਕਮਜ਼ੋਰੀ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਅਮਰੀਕਾ ਅਤੇ ਜਾਪਾਨੀ ਅਧਿਕਾਰੀਆਂ ਨੇ ਮੁਦਰਾ 'ਚ ਦਖਲਅੰਦਾਜ਼ੀ ਕੀਤੀ ਹੈ, ਪਰ ਯੇਨ ਅਜੇ ਵੀ 160 ਪ੍ਰਤੀ ਡਾਲਰ ਦੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ, ਜਿਸ ਨਾਲ ਜਾਪਾਨੀ ਅਰਥਚਾਰੇ 'ਤੇ ਆਯਾਤ ਕਾਰਨ ਵਧਣ ਵਾਲੇ ਖਰਚਿਆਂ ਦਾ ਅਸਰ ਹੋਣ ਦੀ ਚਿੰਤਾ ਹੈ।
ਗਲੋਬਲ ਮਾਰਕੀਟ 'ਤੇ ਅਸਰ
ਇਹ ਵੱਖ-ਵੱਖ ਨੀਤੀਆਂ ਨਿਵੇਸ਼ਕਾਂ (Investors) ਲਈ 'ਯੇਨ ਕੈਰੀ ਟਰੇਡ' ਦੇ ਮਾਮਲੇ 'ਚ ਇੱਕ ਮਹੱਤਵਪੂਰਨ ਨਿਗਰਾਨੀ ਦਾ ਵਿਸ਼ਾ ਬਣ ਗਈਆਂ ਹਨ। ਪਹਿਲਾਂ, ਜਾਪਾਨ ਦੀਆਂ ਬਹੁਤ ਘੱਟ ਵਿਆਜ ਦਰਾਂ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਯੇਨ 'ਚ ਕਰਜ਼ਾ ਲੈ ਕੇ ਕਿਤੇ ਹੋਰ ਜ਼ਿਆਦਾ ਮੁਨਾਫਾ ਦੇਣ ਵਾਲੀਆਂ ਸੰਪਤੀਆਂ 'ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਸੀ। ਜਾਪਾਨ 'ਚ ਉੱਚ ਵਿਆਜ ਦਰਾਂ ਵੱਲ ਵਧਣ ਨਾਲ ਇਹ ਕੈਰੀ ਟਰੇਡ ਬੰਦ ਹੋ ਸਕਦੇ ਹਨ। ਇਸ ਪ੍ਰਕਿਰਿਆ 'ਚ ਨਿਵੇਸ਼ਕ ਆਪਣੇ ਯੇਨ-ਡੈਨੋਮੀਨੇਟਿਡ ਕਰਜ਼ਿਆਂ ਨੂੰ ਚੁਕਾਉਣ ਲਈ ਹੋਰ ਸੰਪਤੀਆਂ ਵੇਚਦੇ ਹਨ, ਜਿਸ ਨਾਲ ਪੂਰੀ ਦੁਨੀਆ ਦੇ ਬਾਜ਼ਾਰਾਂ 'ਚ ਅਚਾਨਕ ਪੈਸੇ ਦੀ ਕਮੀ ਅਤੇ ਅਸਥਿਰਤਾ ਵੱਧ ਸਕਦੀ ਹੈ।
ਅੱਗੇ ਕੀ?
ਯੇਨ ਦੀ ਸਥਿਰਤਾ ਗਲੋਬਲ ਵਿੱਤੀ ਪ੍ਰਵਾਹ ਲਈ ਇੱਕ ਕੇਂਦਰੀ ਚਿੰਤਾ ਬਣੀ ਹੋਈ ਹੈ। ਜੇਕਰ ਬੈਂਕ ਆਫ ਜਾਪਾਨ ਦਰਾਂ ਵਧਾਉਣ ਦਾ ਫੈਸਲਾ ਕਰਦਾ ਹੈ, ਤਾਂ ਯੇਨ 'ਚ ਕਰਜ਼ਾ ਲੈਣ ਦੀ ਲਾਗਤ ਵੱਧ ਸਕਦੀ ਹੈ, ਜੋ ਪੂੰਜੀ ਦੇ ਪ੍ਰਵਾਹ ਨੂੰ ਬਦਲ ਸਕਦੀ ਹੈ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਅਮਰੀਕੀ ਆਰਥਿਕ ਅੰਕੜਿਆਂ ਅਤੇ ਸਤੰਬਰ 'ਚ ਬੈਂਕ ਆਫ ਜਾਪਾਨ ਦੀ ਨੀਤੀਗਤ ਮੀਟਿੰਗ ਦੇ ਵੇਰਵਿਆਂ 'ਤੇ ਟਿਕੀਆਂ ਹੋਈਆਂ ਹਨ।
