McDonald's ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸ਼ਿਕਾਗੋ ਦੀ ਇੱਕ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਕੰਪਨੀ AI ਐਲਗੋਰਿਦਮ ਦੀ ਵਰਤੋਂ ਕਰਕੇ ਅਮਰੀਕਾ ਵਿੱਚ ਆਪਣੇ ਰੈਸਟੋਰੈਂਟਾਂ ਦੇ ਮੀਨੂ ਦੀਆਂ ਕੀਮਤਾਂ ਨੂੰ ਕੰਟਰੋਲ ਕਰ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਫ੍ਰੈਂਚਾਇਜ਼ੀ ਕੋਲ ਕੀਮਤਾਂ ਤੈਅ ਕਰਨ ਦੀ ਪੂਰੀ ਆਜ਼ਾਦੀ ਹੈ।
ਕੀ ਹੈ ਪੂਰਾ ਮਾਮਲਾ?
McDonald’s Corporation ਇੱਕ ਵੱਡੇ ਕਾਨੂੰਨੀ ਪੰਗੇ ਵਿੱਚ ਫਸਦੀ ਦਿਖਾਈ ਦੇ ਰਹੀ ਹੈ। ਸ਼ਿਕਾਗੋ ਦੀ ਅਦਾਲਤ ਵਿੱਚ ਇੱਕ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦਾ AI-ਆਧਾਰਿਤ ਪ੍ਰਾਈਸਿੰਗ ਇੰਜਣ ਗੈਰ-ਜਨਤਕ ਡੇਟਾ ਦੀ ਵਰਤੋਂ ਕਰਕੇ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਇਹ ਅਭਿਆਸ ਫੈਡਰਲ ਐਂਟੀ-ਟਰੱਸਟ ਕਾਨੂੰਨਾਂ ਦੀ ਉਲੰਘਣਾ ਹੈ, ਕਿਉਂਕਿ ਇਹ ਸੁਤੰਤਰ ਫ੍ਰੈਂਚਾਇਜ਼ੀਜ਼ ਦੀ ਕੀਮਤ ਨਿਰਧਾਰਨ ਕਰਨ ਦੀ ਆਜ਼ਾਦੀ ਨੂੰ ਸੀਮਤ ਕਰਦਾ ਹੈ।
McDonald’s ਦਾ ਪੱਖ
ਕੰਪਨੀ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। McDonald’s ਦਾ ਕਹਿਣਾ ਹੈ ਕਿ ਉਹ ਜੋ ਵੀ AI ਟੂਲ ਫ੍ਰੈਂਚਾਇਜ਼ੀਜ਼ ਨੂੰ ਦਿੰਦੇ ਹਨ, ਉਹ ਸਿਰਫ ਸੁਝਾਵਾਂ (Suggestions) ਲਈ ਹਨ, ਨਾ ਕਿ ਲਾਜ਼ਮੀ ਹੁਕਮ। ਕੰਪਨੀ ਮੁਤਾਬਕ, ਹਰੇਕ ਫ੍ਰੈਂਚਾਇਜ਼ੀ ਆਪਣੇ ਰੈਸਟੋਰੈਂਟ 'ਤੇ ਕੀਮਤਾਂ ਤੈਅ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ।
ਨਿਵੇਸ਼ਕਾਂ ਲਈ ਅਹਿਮ ਕਿਉਂ?
ਨਿਵੇਸ਼ਕਾਂ ਲਈ ਇਹ ਖਬਰ ਇਸ ਲਈ ਅਹਿਮ ਹੈ ਕਿਉਂਕਿ McDonald’s ਦਾ ਬਿਜ਼ਨਸ ਮਾਡਲ ਲਗਭਗ 14,000 ਅਮਰੀਕੀ ਰੈਸਟੋਰੈਂਟਾਂ ਦੇ ਫ੍ਰੈਂਚਾਇਜ਼ੀ ਨੈੱਟਵਰਕ 'ਤੇ ਟਿਕਿਆ ਹੋਇਆ ਹੈ। ਜੇਕਰ ਅਦਾਲਤ ਇਸ ਮਾਮਲੇ ਨੂੰ ਅੱਗੇ ਵਧਾਉਂਦੀ ਹੈ, ਤਾਂ ਇਹ ਕੰਪਨੀ ਦੇ ਡੇਟਾ-ਆਧਾਰਿਤ ਆਪਰੇਸ਼ਨਲ ਟੂਲਜ਼ 'ਤੇ ਸਵਾਲੀਆ ਨਿਸ਼ਾਨ ਲਗਾ ਸਕਦੀ ਹੈ। ਮਾਰਕੀਟ ਮਾਹਿਰਾਂ ਦੀ ਨਜ਼ਰ ਹੁਣ ਇਸ ਗੱਲ 'ਤੇ ਹੈ ਕਿ ਅਦਾਲਤ ਇਸ ਕੇਸ ਨੂੰ 'ਕਲਾਸ-ਐਕਸ਼ਨ' ਦਾ ਦਰਜਾ ਦਿੰਦੀ ਹੈ ਜਾਂ ਨਹੀਂ, ਕਿਉਂਕਿ ਇਸ ਨਾਲ ਕੰਪਨੀ ਦੀ ਸਾਖ ਅਤੇ ਫ੍ਰੈਂਚਾਇਜ਼ੀ ਸਬੰਧਾਂ 'ਤੇ ਅਸਰ ਪੈ ਸਕਦਾ ਹੈ।
